ਆਦਮਪੁਰ // ( ਚਾਵਲਾ) – ਪਿੰਡ ਚੂਹੜਵਾਲੀ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਦੇ ਬਾਹਰ ਵੱਲ ਸਥਿਤ ਲਾਲੀ ਕਬਾੜੀਏ ਦੀ ਦੁਕਾਨ ਉਪਰ ਲੱਗੇ ਮੰਨਤ ਕੰਸਲਟੈਂਟ ਨਾਮੀ ਇਮੀਗ੍ਰੇਸ਼ਨ ਫਰਮ ਵੱਲੋਂ ਲਗਾਏ ਇਸ਼ਤਿਹਾਰੀ ਬੋਰਡ ਦੇ ਪਿੱਛੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਤਸਵੀਰਾਂ ਉਲਟੀਆਂ ਲਾਈਆਂ ਦੇਖੀਆਂ ਗਈਆਂ। ਗੁਰੂ ਰਵਿਦਾਸ ਜੀ ਦੀ ਤਸਵੀਰ ਦੀ ਬੇਅਦਬੀ ਬਾਰੇ ਪਤਾ ਲੱਗਦਿਆਂ ਪਿੰਡ ਚੂਹੜਵਾਲੀ ਅਤੇ ਪਿਡ ਲੇਸੜੀਵਾਲ ਦੀਆਂ ਸੰਗਤਾਂ, ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਆ ਕੇ ਚੂਹੜਵਾਲੀ ਵਿਖੇ ਹੁਸ਼ਿਆਰਪੁਰ ਰੋਡ ਜਾਮ ਕਰ ਦਿੱਤਾ। ਥਾਣਾ ਆਦਮਪੁਰ ਦੀ ਪੁਲਿਸ ਟੀਮ ਐਸ.ਐਚ.ਓ ਐਸ.ਆਈ ਮਨਜੀਤ ਸਿੰਘ ਦੀ ਅਗਵਾਈ ਹੇਠ ਅਤੇ ਚੌਂਕੀ ਜੰਡੂ ਸਿੰਘਾਂ ਦੀ ਟੀਮ ਐਸ.ਆਈ ਗੁਰਮੀਤ ਰਾਮ ਦੀ ਅਗਵਾਈ ਹੇਠ ਤੁਰੰਤ ਚੂਹੜਵਾਲੀ ਵਿਖੇ ਧਰਨਾ ਸਥਾਨ ਤੇ ਪਹੁੰਚ ਗਈਮੌਕੇ ‘ਤੇ ਪਹੁੰਚੇ ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਕੁਲਦੀਪ ਕੁਮਾਰ, ਅਸ਼ੋਕ ਕਲਸੀ, ਪੰਚ ਚਰਨਦਾਸ ਲਾਡੀ, ਪੰਚ ਸ਼ਿੰਦਰਪਾਲ, ਧਨਪਤ ਰਾਏ ਦੀਪਕ ਮੇਨਕਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਲਾਲੀ ਕਬਾੜੀਏ ਦੀ ਦੁਕਾਨ ‘ਤੇ ਮੰਨਤ ਕੰਸਲਟੈਂਟ ਫਰਮ ਨੇ ਆਪਣਾ ਇਸ਼ਤਿਹਾਰ ਲਾਇਆ ਹੋਇਆ ਹੈ ਅਤੇ ਉਸ ਨੂੰ ਸਪੋਰਟ ਦੇਣ ਲਈ ਪਿੱਛੇ ਜੋ ਫਲੈਕਸ ਲਾਈ ਗਈ ਹੈ ਉਸ ‘ਤੇ ਗੁਰੂ ਰਵਿਦਾਸ ਜੀ ਦੀਆਂ ਤਸਵੀਰਾਂ ਲੱਗੀਆਂ ਹਨ, ਜੋ ਕਿ ਉਲਟੀਆਂ ਲਾਈਆਂ ਹਨ, ਇਸ ਨਾਲ ਰਵਿਦਾਸ ਸਮਾਜ ਦੀ ਹਿਰਦੇ ਵਲੂੰਧਰੇ ਗਏ ਹਨ ਜਿਸ ਕਰਕੇ ਸਮਾਜ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ।ਥਾਣਾ ਆਦਮਪੁਰ ਦੇ ਐਸ.ਐਚ.ਓ ਐਸ.ਆਈ ਮਨਜੀਤ ਸਿੰਘ ਵਲੋਂ ਬੇਅਦਬੀ ਦੀ ਘਟਣਾ ਦੇ ਦੋਸ਼ੀ ਟਰੈਵਲ ਏਜੰਟ ਮੰਨਤ ਕੰਸਲਟੈਂਟ ਫਰਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਰਵਿਦਾਸੀਆ ਸਮਾਜ ਵੱਲੋਂ ਮੌਕੇ ‘ਤੋਂ ਧਰਨਾ ਚੁੱਕ ਲਿਆ ਗਿਆ।